Monday 24 May 2010

ਬਕਾਇਆ ਮੇਰੀ ਹਰ ਧੜਕਣ ਦਾ ..





ਬਕਾਇਆ ਮੇਰੀ ਹਰ ਧੜਕਣ ਦਾ ਮੇਰੇ ਵੱਲ ਨਿੱਕਲਦਾ ਹੈ।
ਅਜੇ ਤਾਂ ਵਕ਼ਤ ਦਾ ਪਹੀਆ ਮੇਰੀ ਛਾਤੀ ਤੇ ਚਲਦਾ ਹੈ
----
ਸੁਨਹਿਰੀ ਸਿੱਟਿਆਂ ਨੂੰ ਵੇਖ ਕੇ ਵੀ ਖ਼ੁਸ਼ ਨਹੀਂ ਹੋਇਆ,
ਹੁਣ ਉਸਦੇ ਜ਼ਿਹਨ ਵਿੱਚ ਸੰਸਾ ਸਗੋਂ ਅਗਲੀ ਫ਼ਸਲ ਦਾ ਹੈ
----
ਜ਼ਰਾ ਹੁਸ਼ਿਆਰ ਹੀ ਰਹਿਣਾ, ਇਹ ਫੁੱਲ ਬਣਕੇ ਵੀ ਮਿਲ ਸਕਦੈ,
ਇਹ ਖ਼ੰਜਰ ਵਕ਼ਤ ਦਾ ਸੱਚੀਂ ਬੜੇ ਚਿਹਰੇ ਬਦਲਦਾ ਹੈ
----
ਬਲਾਵਾਂ ਨੂੰ, ਹਨੇਰੇ ਨੂੰ ਮਿਰੇ ਬਾਰੇ ਨਾ ਕੁਝ ਪੁੱਛਣਾ,
ਇਨ੍ਹਾਂ ਸਭਨਾਂ ਦਾ ਮੇਰੇ ਤੇ ਅਜੇ ਇਤਰਾਜ਼ ਚੱਲਦਾ ਹੈ
----
ਉਹ ਜਾਂ ਝੱਲਾ ਹੈ ਜਾਂ ਇਨਕਾਰ ਤੇ ਇਕਰਾਰ ਤੋਂ ਉੱਚਾ,
ਮਿਰੇ ਨਾਂ ਤੇ ਉਹ ਇੱਕ ਖਾਲੀ ਲਿਫ਼ਾਫ਼ਾ ਰੋਜ਼ ਘੱਲਦਾ ਹੈ
----
ਇਹ ਮਨ ਹੈ, ਇਸ ਚ ਉੱਠਣ ਮੱਸਿਆ ਦੀ ਰਾਤ ਨੂੰ ਛੱਲਾਂ,
ਤੇ ਨਾਲ਼ੇ ਪੋਹ ਦੀਆਂ ਰਾਤਾਂ ਦੇ ਵਿੱਚ ਲਾਵਾ ਪਿਘਲਦਾ ਹੈ
 ----   
ਹਨੇਰੀ ਰਾਤ ਵਿੱਚ ਰਾਹ ਲੱਭਦਿਆਂ ਉਹ ਹੋ ਗਿਆ ਜ਼ਖ਼ਮੀ,
ਉਹਨੂੰ ਸ਼ੱਕ ਸੀ ਕਿ ਇੱਕ ਸੂਰਜ ਉਦ੍ਹੇ ਮੱਥੇ ਚ ਬਲ਼ਦਾ ਹੈ

Saturday 22 May 2010

ਸਾਰੇ ਸਾਬਤ ਸਰੂਪ...

ਸਾਰੇ ਸਾਬਤ ਸਰੂਪ ਸਾਂਭਣਗੇ, ਪਰ ਨਾ ਟੁਕੜੇ ਸੰਭਾਲਦਾ ਕੋਈ।
ਜੋਤ ਮੱਥੇ ਦੀ ਸਾਂਭ ਕੇ ਰੱਖੀਂ, ਬੁਝ ਗਿਆਂ ਨੂੰ ਨਾ ਬਾਲ਼ਦਾ ਕੋਈ।
-----
ਮੇਰੇ  ਇਸ  ਰੰਗਮੰਚ  ਦਾ  ਯਾਰੋ, ਰੋਜ਼  ਪਰਦਾ  ਉਠਾਲ਼ਦਾ  ਕੋਈ।
ਮੇਰੇ ਨਾਟਕ ਚ ਮੇਰਾ ਪਲ ਵੀ ਨਹੀਂ-ਆਦਿ, ਆਖ਼ਿਰ,ਵਿਚਾਲ਼ ਦਾ ਕੋਈ।
-----
ਆਸੇ ਪਾਸੇ ਉੱਛਲਦੀ ਰਹਿੰਦੀ ਹੈ, ਕੋਈ ਫੜਦਾ ਹੈ ਟਾਲਦਾ ਕੋਈ
ਦੇ ਕੇ ਹਰ ਵਾਰ ਇਸਨੂੰ ਰੰਗ ਨਵਾਂ, ਇੱਕ ਖਿੱਦੋ ਉਛਾਲਦਾ ਕੋਈ
-----
ਅਪਣਾ ਆਪਾ ਸੰਵਾਰ ਕੇ ਰੱਖਾਂ, ਨੀਰ ਮੈਲ਼ਾ ਨਿਤਾਰ ਕੇ ਰੱਖਾਂ
ਰੋਜ਼ ਏਧਰ ਦੀ ਲੰਘਦਾ ਜਦ ਵੀ, ਮੇਰੇ ਪਾਣੀ ਹੰਘਾਲਦਾ ਕੋਈ
------
ਸ਼ਾਮ ਸੀਨੇ ਤੇ ਆ ਕੇ ਬਹਿ ਜਾਂਦੀ, ਅਪਣਾ ਕਿੱਸਾ ਅਰੋਕ ਕਹਿ ਜਾਂਦੀ
ਬੰਦ ਕਰ-ਕਰ ਕੇ ਹੋਸ਼ ਦੇ ਦੀਦੇ, ਰੋਜ਼  ਹੋਣੀ ਨੂੰ  ਟਾਲ਼ਦਾ  ਕੋਈ
-----
ਕਿਰਮਚੀ ਏਸ ਦੀ ਕਿਨਾਰੀ ਹੈ, ਫੁੱਲ ਵਾਹੇ ਅਨੇਕ ਰੰਗਾਂ ਦੇ
ਤੇਰੇ ਚਾਵਾਂ ਦੇ ਨਾਲ਼ ਮਿਲਦਾ ਹੈ, ਰੰਗ ਤੇਰੇ ਰੁਮਾਲ ਦਾ ਕੋਈ
-----
ਇੱਕ ਵਾਰੀ ਜੋ ਕਦੇ ਵੇਖ ਲਿਆ,ਸੱਚ ਹੋਵੇਗਾ ਲਾਜ਼ਮੀ ਇਕ ਦਿਨ
ਭਾਵੇਂ ਹੋਵੇ ਸਵੇਰ ਦਾ ਜਾਂ ਫਿਰ,ਹੋਵੇ ਸੁਪਨਾ ਤਿਕਾਲ਼ ਦਾ ਕੋਈ
-----
ਮੀਲਾਂ ਲੰਬੇ ਨੇ ਮਾਰੂਥਲ ਏਥੇ, ਚਾਰ ਬੂੰਦਾਂ ਕੁਝ ਔਕਾਤ ਨਹੀਂ
ਮੋਏ-ਗੁੰਮੇ ਨਾ ਪਰਤ ਕੇ ਆਏ, ਐਵੇਂ ਦੀਦੇ ਹੈ ਗਾਲ਼ਦਾ ਕੋਈ
-----
ਚੀਜ਼  ਜਚਦੀ  ਹਰੇਕ  ਥਾਂ  ਅਪਣੀ, ਜਿੱਥੇ  ਗੁੰਮੀ  ਹੈ ਓਥੋਂ ਲੱਭੇਗੀ
ਚੰਦ ਰਿਸ਼ਤੇ ਗੁਆਚੇ ਘਰ ਅੰਦਰ, ਫਿਰਦਾ ਸੜਕਾਂ ਤੇ ਭਾਲਦਾ ਕੋਈ
-----
ਸ਼ਾਂਤ ਰਹਿੰਦੇ ਤਾਂ ਜ਼ਿੰਦਗੀ ਰਹਿੰਦੀ, ਮੌਤ ਨੱਚੇ ਇਨਾਂ ਦੇ ਤਾਂਡਵ ਤੇ
ਹੈ ਨਾ ਡੱਕਾ ਯਕੀਨ ਅਗਨੀ ਦਾ, ਤੇ ਨ ਪਾਣੀ ਦੀ ਚਾਲ ਦਾ ਕੋਈ

-----
ਥੋੜੀ ਮਿੱਟੀ ਤੇ ਥੋੜਾ ਪਾਣੀ ਹੈ, ਨਾਲ਼ ਕੁਝ  ਅੱਗ ਵੀ  ਸੰਭਾਲੀ  ਹੈ
ਅਪਣੇ ਸੀਨੇ ਦੀ ਕਿਸੇ ਤਹਿ ਅੰਦਰ, ਬੀਜ ਦੀਵੇ ਦਾ ਪਾਲ਼ਦਾ ਕੋਈ
-----
ਤੇਰੇ ਨੈਣਾਂ ਚ ਤੇਰੇ ਮਸਤਕ ਵਿੱਚ, ਤੇ ਤਿਰੇ ਆਸ-ਪਾਸ ਆਈਨੇ
ਨੀਝ ਲਾਵੇਂ ਤਾਂ ਤੈਨੂੰ ਦਿਸ ਜਾਵੇ, ਤੇਰੇ ਸੁਪਨੇ ਉਧਾਲਦਾ ਕੋਈ
-----
ਨਾ ਤਾਂ ਇਹ ਮਿਲ ਸਕੀ ਕੈਲੰਡਰ ਚੋਂ, ਨਾ ਹੀ ਯਾਦਾਂ ਦੇ ਕਿਸੇ ਖੰਡਰ ਚੋਂ
ਪਲਟ  ਦਿੰਦਾ  ਹੈ  ਪੌਣ  ਦੇ  ਪੰਨੇ, ਤੇਰੀ  ਤਸਵੀਰ  ਭਾਲ਼ਦਾ  ਕੋਈ
-----
ਜਦ ਤੁਰੇ ਸੀ ਤਾਂ ਮਨ ਚ ਨਿਹਚਾ ਸੀ, ਨਾਲ਼ੇ ਸੁੱਚੀ ਤੜਪ ਸੀ ਮੰਜਿ਼ਲ ਦੀ
ਫੇਰ ਸਭ ਕਾਫ਼ਲੇ ਚੋਂ ਕਿਰਦੇ ਗਏ, ਰੋਕ  ਸਕਿਆ  ਨਾ  ਨਾਲ਼ ਦਾ ਕੋਈ
-----
ਛੋਹ ਜਦੋਂ ਮਿਲ ਸਕੀ ਨ ਕੇਸਾਂ ਨੂੰ, ਨਿੱਘ ਜਦ ਤੁਰ ਗਏ ਬਦੇਸ਼ਾਂ ਨੂੰ
ਫੇਰ ਪੱਲੇ ਉਨ੍ਹਾਂ ਦੇ ਰਹਿ ਜਾਣਾ, ਸਰਦ ਸੁਪਨਾ ਸਿਆਲ਼ ਦਾ ਕੋਈ
-----
ਹੱਸਦੇ-ਖੇਡਦੇ ਸਫ਼ਰ 'ਤੇ ਤੁਰੇ, ਤੁਰਦਿਆਂ ਰਾਹ 'ਚ ਇੱਕ ਸਰਾਂ ਆਈ
ਫਿਰ ਨਾ ਮਿਲਿਆ ਸੁਰਾਗ਼ ਰਾਹੀਆਂ ਦਾ, ਤੇ ਨ ਰਾਹੀਆਂ ਦੇ ਮਾਲ ਦਾ ਕੋਈ
-----
ਕੋਈ ਇੱਛਾ ਜਾਂ ਪਿਆਸ ਹੋਵੇਗੀ, ਜਾਂ ਤੇਰੇ ਮਨ ਦੀ ਆਸ ਹੋਵੇਗੀ
ਏਥੋਂ-ਓਥੋਂ ਜਵਾਬ ਲੱਭ ਜਾਣੈਂ , ਤੈਨੂੰ ਤੇਰੇ ਸਵਾਲ ਦਾ  ਕੋਈ
------
ਪੈਰ ਅੱਕੇ ਅਕਾਊ ਰਾਹਵਾਂ ਤੋਂ, ਬੋਲ ਥੱਕੇ  ਵਿਕਾਊ  ਨਾਂਵਾਂ  ਤੋਂ
ਸੈਆਂ ਰੰਗਾਂ ਦੇ ਭੌਣ ਚੋਂ ਹੁਣ ਤਾਂ, ਰੰਗ ਉੱਗੇ ਕਮਾਲ ਦਾ ਕੋਈ

Sunday 16 May 2010

ਸ਼ਾਂਤ ਹੁਣ ਪੈਰਾਂ ਦੀ ਭਟਕਣ..





ਸ਼ਾਂਤ ਹੁਣ ਪੈਰਾਂ ਦੀ ਭਟਕਣ ਹੋ ਗਈ।
ਚੱਲ ਘਰੇ ਚੱਲੀਏ ਕਿ ਆਥਣ ਹੋ ਗਈ।
----
ਉੱਗਦੇ ਚਾਨਣ ਦੀ ਚੁੰਨੀ ਪਹਿਨ ਕੇ
ਰਾਤ ਰਾਣੀ ਫਿਰ ਸੁਹਾਗਣ ਹੋ ਗਈ।
----
ਅੱਜ ਸਾਰਾ ਬਾਗ਼ ਹੈ ਤਾਹੀਓਂ ਉਦਾਸ
ਫੁੱਲ ਤੇ ਰੰਗਾਂ ਦੀ ਅਣਬਣ ਹੋ ਗਈ।
----
ਤੇਰੇ ਹੱਥੀਂ ਗ਼ੈਰ ਦਾ ਖ਼ਤ ਵੇਖ ਕੇ
ਦੂਰ ਇੱਕ ਮੇਰੀ ਵੀ ਉਲ਼ਝਣ ਹੋ ਗਈ।
----
ਰਾਤ ਭਰ ਨੈਣਾਂ ਚੋਂ ਭਾਰੀ ਮੀਂਹ ਪਿਆ
ਸੁਪਨਿਆਂ ਦੇ ਰਾਹ ਚ ਤਿਲਕਣ ਹੋ ਗਈ।
----
ਯਾਦ ਤੇਰੀ ਪੀੜ ਸੀ ਦਿਲ ਦੀ ਕਦੇ
ਹੌਲ਼ੀ-ਹੌਲ਼ੀ ਰੂਹ ਦਾ ਕੱਜਣ ਹੋ ਗਈ।

Wednesday 12 May 2010

ਮੈਂ ਐਸੇ ਰਾਹ ਤਲਾਸ਼ੇ ਨੇ..







ਮੈਂ ਐਸੇ ਰਾਹ ਤਲਾਸ਼ੇ ਨੇ ਜਿਨ੍ਹਾਂ 'ਤੇ ਛਾਂ ਨਹੀਂ ਕੋਈ
ਕਿਤੇ ਵੀ ਬੈਠ ਕੇ ਦਮ ਲੈਣ ਜੋਗੀ ਥਾਂ ਨਹੀਂ ਕੋਈ


ਬਿਗਾਨੇ ਸ਼ਹਿਰ ਵਿਚ ਖ਼ੁਸ਼ ਰਹਿਣ ਦਾ ਸਾਮਾਨ ਹੈ ਸਾਰਾ
ਬਿਠਾ ਕੇ ਗੋਦ ਅਥਰੂ ਪੂੰਝਦੀ ਪਰ ਮਾਂ ਨਹੀਂ ਕੋਈ

ਲਿਹਾਜ਼ੀ ਆਖਦੇ ਮੈਨੂੰ ਕਿ ਅਪਣੇ ਘਰ ਦੇ ਬੂਹੇ 'ਤੇ
ਮੈਂ ਤਖਤੀ ਤਾਂ ਲਵਾਈ ਹੈ ਪਰ ਉਸ 'ਤੇ ਨਾਂ ਨਹੀਂ ਕੋਈ

ਸੁਰਾਹੀ ਸਮਝ ਕੇ ਖ਼ੁਦ ਨੂੰ ਨਦੀ ਛੋਟਾ ਕਹੇ ਘਰ ਨੂੰ
ਤੇ ਹੁਣ ਉਸ ਵਾਸਤੇ ਉਸ ਘਰ ਦੇ ਅੰਦਰ ਥਾਂ ਨਹੀਂ ਕੋਈ

ਮੁਸਾਫ਼ਿਰ ਮੰਜ਼ਿਲਾਂ ਦੀ ਥਾਂ ਕਿਵੇਂ ਨਾ ਜਾਂ ਮਕ਼ਤਲ ਨੂੰ
ਮਨਾਂ ਵਿਚ ਧੁੱਪ ਹੈ  ਪੱਸਰੀ, ਸਿਰਾਂ 'ਤੇ ਛਾਂ ਨਹੀਂ ਕੋਈ

ਉਨ੍ਹਾਂ ਨੂੰ ਸ਼ੱਕ ਹੈ, ਕਣੀਆਂ ਦੀ ਥਾਂ ਅੰਗਿਆਰ ਬਰਸਣਗੇ
ਨਗਰ ਅੰਦਰ ਘਟਾਵਾਂ ਨੂੰ ਬੁਲਾਉਂਦਾ ਤਾਂ ਨਹੀਂ ਕੋਈ !! `

Saturday 8 May 2010

ਨਵੀਂ ਸਵੇਰ ਦੇ ..

ਨਵੀਂ ਸਵੇਰ ਦੇ ਮੁਖੜੇ ਜਹੀ ਕੋਈ ਮੂਰਤ
ਜੋ ਮੇਰੇ ਖ਼ਾਬ 'ਚ ਆਈ, ਬੁਲਾ ਗਈ ਮੈਨੂੰ
ਸਵੇਰ ਤੀਕ ਨਾ ਮੁੜਿਆ ਤਾਂ ਮੈਨੂੰ ਭੁੱਲ ਜਾਇਓ
ਬਸ ਏਹੋ ਸਮਝਿਓ,ਸਿਆਹ ਰਾਤ ਖਾ ਗਈ ਮੈਨੂੰ

ਜੇ ਹੋ ਸਕੇ ਤਾਂ ਫਿਰ ਏਨੀ ਉਚੇਚ ਕਰ ਜਾਣਾ
ਕਿ ਅਪਣੀ ਮੜਕ ਨੂੰ ਲੋੜਾਂ ਦੇ ਮੇਚ ਕਰ ਜਾਣਾ
ਉਦਾਸ ਜ਼ਿੰਦਗੀ ਪਿੰਡੇ ਤੇ ਚੀਥੜੇ ਪਹਿਨੀ
ਬਿਠਾ ਕੇ ਗੋਦ 'ਚ ਏਨਾ ਸਿਖਾ ਗਈ ਮੈਨੂੰ

ਮੈਂ ਜਿਸਨੇ ਸ਼ੋਖ ਹਵਾ ਦੀ ਨਾ ਆਰਜ਼ੂ ਵੇਖੀ
ਕਦੇ ਵੀ ਧੜਕਣਾਂ ਤੋਂ ਪਾਰ ਦੀ ਨਾ ਜੂਹ ਵੇਖੀ
ਮੈਂ ਜੋ ਜ਼ਮੀਨ 'ਤੇ ਪਾਰੇ ਦੇ ਵਾਂਗ ਤੁਰਦਾ ਸੀ
ਕਿਸੇ ਦੀ ਤੱਕਣੀ ਸ਼ੀਸ਼ਾ ਬਣਾ ਗਈ ਮੈਨੂੰ

ਨਹੀਂ ਮੈਂ ਦੋਸਤੋ ਹੈਰਾਨ ਉਸਦੇ ਕਾਰੇ 'ਤੇ
ਉਹ ਚੜ੍ਹ ਕੇ ਆ ਗਈ ਮੇਰੇ ਹੀ ਇੱਕ ਇਸ਼ਾਰੇ 'ਤੇ
ਸਣੇ ਕਮਾਨ ਤੇ ਤੀਰਾਂ ਦੇ ਤੋੜ ਕੇ ਤਰਕਸ਼
ਸਰੇ-ਬਜ਼ਾਰ ਮੇਰੀ ਮੈਂ ਹਰਾ ਗਈ ਮੈਨੂੰ

ਬੱਸ ਏਹੋ ਹੁਨਰ ਹੀ ਮੇਰੇ ਜਿਗਰ ਦਾ ਦਰਦ ਹਰੇ
ਇਹੋ ਖ਼ਿਆਲ ਹੀ ਮੇਰੇ ਲਹੂ 'ਚ ਰੰਗ ਭਰੇ
ਬੇਗਾਨੀ ਪੀੜ ਨੂੰ ਮੱਥੇ ਸਜਾਉਣ ਸਿਖਿਆ ਹਾਂ
ਇਹੋ ਹੀ ਟੂੰਮ ਹੈ ਜਿਹੜੀ ਸਜਾ ਗਈ ਮੈਨੂੰ !

Thursday 6 May 2010

ਇਨ੍ਹਾਂ ਪੈੜਾਂ ਦਾ ਰੇਤਾ..


ਇਨ੍ਹਾਂ ਪੈੜਾਂ ਦਾ ਰੇਤਾ ਚੁੱਕ ਕੇ ਝੋਲੀ 'ਚ ਭਰ ਲਈਏ
ਚਲੋ ਏਸੇ ਬਹਾਨੇ ਵਿਸਰਿਆਂ ਨੂੰ ਯਾਦ ਕਰ ਲਈਏ

ਉਹ ਅਪਣੀ ਕਹਿਕਸ਼ਾਂ 'ਚੋਂ ਨਿੱਕਲ ਕੇ ਅੱਜ ਬਾਹਰ ਆਇਆ ਹੈ
ਚਲੋ ਉਸ ਭਟਕਦੇ ਤਾਰੇ ਦੀ ਚੱਲ ਕੇ ਕੁਝ ਖ਼ਬਰ ਲਈਏ

ਉਲੀਕੇ ਖੰਭ ਕਾਗਜ਼ 'ਤੇ, ਦੁਆਲੇ ਹਾਸ਼ੀਆ ਲਾਵੇ
ਕਿਵੇਂ ਵਾਪਸ ਨਿਆਣੀ ਤੋਂ ਉਦ੍ਹੇ ਅੰਦਰਲੇ ਡਰ ਲਈਏ

ਜਿਵੇਂ ਇੱਕ ਪੌਣ 'ਚੋਂ ਖੁਸ਼ਬੂ, ਜਿਵੇਂ ਇੱਕ ਨੀਂਦ 'ਚੋਂ ਸੁਪਨਾ
ਚਲੋ ਅੱਜ ਦੋਸਤੋ ਇੱਕ-ਦੂਸਰੇ 'ਚੋਂ ਇਉਂ ਗੁਜ਼ਰ ਲਈਏ

ਅਸੀਂ ਵੀ ਖ਼ੂਬ ਹਾਂ, ਕਿਧਰੇ ਤਾਂ ਨ੍ਹੇਰੇ ਨੂੰ ਵੀ ਜਰ ਲਈਏ
ਤੇ ਕਿਧਰੇ ਬਿਰਖ ਦੀ ਇਕ ਛਾਂ 'ਤੇ ਹੀ ਇਤਰਾਜ਼ ਕਰ ਲਈਏ !

ਬੇਗਾਨੇ ਰਸਤਿਆਂ ਦੇ ਨਾਮ..

ਬੇਗਾਨੇ ਰਸਤਿਆਂ ਦੇ ਨਾਮ ਦੀ ਅਰਦਾਸ ਹੋ ਕੇ
ਘਰੋਂ ਤੁਰੀਆਂ ਨੇ ਪੈੜਾਂ ਆਪਣਾ ਚਿਹਰਾ ਲੁਕੋ ਕੇ

ਸਮੇਂ ਦੀ ਹਿੱਕ ਹੀ ਵਿਨ੍ਹ ਕੇ ਧਰੀ ਸ਼ੋਕੇਸ ਅੰਦਰ
ਉਨ੍ਹਾਂ ਰੱਖੀ ਹੈ ਤਿੱਖੀ ਸੂਲ ਵਿਚ ਤਿਤਲੀ ਪਰੋ ਕੇ

ਅਜੇ ਕਲ੍ਹ ਹੀ ਤਾਂ ਉਸਨੇ ਆਖਿਆ ਮੈਨੂੰ ਬੇਗਾਨਾ
ਤੇ ਮੈਂ ਉਸ ਜੂਹ ਦੇ ਵਿਚ ਵੜਦਾ ਹਾਂ ਅਪਣੇ ਪੈਰ ਧੋ ਕੇ

ਵਫ਼ਾ ਤੇਰੀ 'ਚ ਕਿੰਨਾ ਜੋਸ਼ ਹੈ,ਵੇਖਾਂਗੇ ਇਕ ਦਿਨ
ਚੁਫ਼ੇਰੇ ਤੇਜ਼ ਤਲਵਾਰਾਂ 'ਚ ਨੰਗੇ ਧੜ ਖਲੋ ਕੇ

ਉਡੀਕਣ ਦਾ ਕਿਸੇ ਨੂੰ ਇਹ ਵੀ ਇੱਕ ਅੰਦਾਜ਼ ਹੁੰਦੈ
ਜੇ ਪਾਈਏ ਔਂਸੀਆਂ, ਤਾਂ ਖੂਨ ਵਿਚ ਉਂਗਲੀ ਡੁਬੋ ਕੇ !!

Wednesday 5 May 2010

ਕੁਥਾਏਂ ਵਰ੍ਹਨ ਦਾ...


ਕੁਥਾਏਂ ਵਰ੍ਹਨ ਦਾ ਅਹਿਸਾਸ ਵੀ ਹੈ,
ਥਲਾਂ ਦੀ ਤੇਹ ਨੂੰ ਵੀ ਇਹ ਸਮਝਦੇ ਨੇ
ਭਿਓਂ ਕੇ ਤੁਰ ਗਏ ਧਰਤੀ ਦਾ ਮੋਢਾ,
ਇਹ ਬੱਦਲ ਜੋ ਹੁਣੇ ਰੋ ਕੇ ਹਟੇ ਨੇ |

ਖ਼‌ਿਆਲਾਂ ਤੇਰਿਆਂ ਤਕ ਆਣ ਪਹੁੰਚਾ
ਮੇਰੇ ਅਹਿਸਾਸ ਇਕਦਮ ਜੀ ਪਏ ਨੇ
ਜਿਵੇਂ ਜਲ 'ਤੇ ਕੋਈ ਲਿਸ਼ਕੋਰ ਪੈਂਦੀ
ਹਵਾ ਆਈ ਤੋਂ ਪੱਤੇ ਧੜਕਦੇ ਨੇ |

ਮੈਂ ਵਰ੍ਹਿਆਂ ਤੋਂ ਜੋ ਏਥੇ ਹੀ ਖੜ੍ਹਾ ਸਾਂ
ਤੇ ਲੰਬੀ ਰਾਤ ਵਿਚ ਕੁਝ ਭਾਲਦਾ ਸਾਂ
ਮੇਰੇ ਸੰਤੋਖ ਦੀ ਭਰਦੇ ਗਵਾਹੀ
ਜੋ ਪਰਲੇ ਪਾਰ ਕੁਝ ਦੀਵੇ ਜਗੇ ਨੇ |

ਇਨ੍ਹਾਂ ਨੂੰ ਤਾਣਿਆ ਲੋਕਾਂ ਨੇ ਪਹਿਲਾਂ -
ਘਰਾਂ ਵਿਚ,ਕਮਰਿਆਂ ਵਿਚ, ਫਿਰ ਮਨਾਂ ਵਿਚ
ਤੇ ਹੁਣ ਉਹ ਖੁਦ ਨੂੰ ਵੀ ਵੇਖਣ ਤੋਂ ਡਰਦੇ
ਇਹ ਪਰਦੇ ਸ਼ੀਸ਼ਿਆਂ ਅੱਗੇ ਤਣੇ ਨੇ |

ਮੈਂ ਅਪਣੇ ਆਪ ਵਿਚ ਇਕ ਬੀਜ ਹੀ ਸਾਂ
ਉਨ੍ਹਾਂ ਨੇ ਮੇਰੇ ਅੰਦਰ ਬਿਰਖ ਤੱਕਿਆ
ਮੈਂ ਉੱਠਾਂ ਕੁਝ ਕਰਾਂ ਉਗਮਣ ਦਾ ਚਾਰਾ
ਉਹ ਸਾਰੇ ਮੇਰੇ ਵਾਲ ਹੀ ਵੇਖਦੇ ਨੇ !

ਕਹਾਣੀ ਇਹ ਨਹੀਂ ਪਿਆਸੇ ਨੇ ਸਾਰੇ
ਖੜੇ੍ ਜੋ ਵੇਖਦੇ ਮਾਸੂਮ ਬੂਟੇ
ਸਿਤਮ ਇਹ ਹੈ ਕਿ ਹਰਿਆਲੀ ਦੀ ਰੁੱਤੇ
ਇਹ ਆਪੋ-ਆਪਣੇ ਫੁੱਲ ਚੁਗ ਰਹੇ ਨੇ !

ਰੋਹੀਆਂ ‘ਚ ਰੁਲਦਿਆਂ ਨੂੰ..




ਰੋਹੀਆਂ ‘ਚ ਰੁਲਦਿਆਂ ਨੂੰ




Tuesday 4 May 2010

ਆਦਿਕਾ...


ਸਹਿਜ ਹੋ ਜਾਓ, ਸੁਣੋ! ਏਨਾ ਨਾ ਘਬਰਾਓ ਤੁਸੀਂ
ਆਪਣੀ ਸੰਜੀਦਗੀ ਨੂੰ ਸਾਣ 'ਤੇ ਲਾਓ ਤੁਸੀਂ
ਮੇਰਿਓ ਸ਼ਬਦੋ, ਤੁਹਾਡਾ ਮੰਨਿਆ ਵਕ਼ਤਾ ਹਾਂ ਮੈਂ
ਮੈਥੋਂ ਪਰ ਸਾਰੇ ਸਿਆਣੇ, ਬੋਲਣੋ ਝਕਦਾ ਹਾਂ ਮੈਂ

ਕੀ ਕਹਾਂ ਪਰਵਾਨਿਆਂ ਨੂੰ-ਪੀੜ ਦੀ ਪੈਂਤੀ ਪੜ੍ਹੋ!?
ਕੀ ਕਹਾਂ ਫੁੱਲਾਂ ਨੂੰ ਜਾ ਕੇ- ਮਹਿਕ ਦੀ ਮੰਡੀ ਵੜੋ!?
ਕੀ ਕਹਾਂ ਮੈਂ ਦਾਨਿਆਂ ਨੂੰ- ਅਰਸ਼ 'ਤੇ ਤਾਰੇ ਜੜੋ!?
ਕੀ ਕਹਾਂ ਬਾਜ਼ਾਂ ਨੂੰ-ਜਾ ਕੇ ਪੌਣ ਦੇ ਮੋਢੇ ਚੜ੍ਹੋ !?
ਕੀ ਕਹਾਂ ਰੁੱਖਾਂ ਨੂੰ- ਛਾਵਾਂ ਦੇਣ ਲਈ ਧੁੱਪੇ ਖੜੋ੍ !?
ਕੀ ਕਹਾਂ ਦੀਵਾਨਿਆਂ ਨੂੰ- ਇਸ਼ਕ਼ ਦਾ ਕਲਮਾ ਪੜ੍ਹੋ !?
ਕੀ ਕਹਾਂ ਰਾਹੀਆਂ ਨੂੰ- ਮੰਜ਼ਿਲ ਦਾ ਸਹੀ ਰਸਤਾ ਫੜੋ !?

ਜੀਹਦੇ ਜੋ ਜ਼ਿੰਮੇ ਹੈ,ਆਪੇ ਹੀ ਕਰੇਗਾ ਓਸ ਨੂੰ
ਚੀਜ਼ ਜੋ ਜਿਥੋਂ ਦੀ ਹੈ, ਓਥੇ ਧਰੇਗਾ ਓਸ ਨੂੰ |
ਆਪ ਹੀ ਵੇਖੇਗਾ ਜਿੱਥੇ ਜੋ ਵੀ ਜੀਹਦਾ ਫਰਜ਼ ਹੈ
ਤਾਰ ਕੇ ਛੁੱਟੇਗਾ, ਕਿੱਥੇ ਕਿ ਕਿਸੇ 'ਤੇ ਕਰਜ਼ ਹੈ

ਫੇਰ ਵੀ ਬੇਚੈਨ ਹੋ ਜੇ, ਗੱਲ ਤਾਂ ਕੁਝ ਹੈ ਜ਼ਰੂਰ
ਜੇ ਕੀਤੇ ਬਦਰੰਗ ਹੈ ਕੁਝ, ਓਸ ਵਿਚ ਸਭ ਦਾ ਕਸੂਰ

ਇਸ ਤਰਾਂ ਜੇ ਹੈ ਤਾਂ ਜੋ ਬਣਦਾ ਹੈ ਉਹ ਕਹਿਣਾ ਤੁਸੀਂ
ਮੇਰਿਓ ਸ਼੍ਬਦੋ ! ਕਦੇ ਵੀ ਸਹਿਜ ਨਾ ਰਹਿਣਾ ਤੁਸੀਂ......!!